ਆਪ ਸਰਕਾਰ ਨੇ ਸੂਬੇ ਦੇ ਬਜਟ ਵਿਚ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਤੋਂ ਮੁਕਰ ਕੇ ਧੋਖਾ ਕੀਤਾ : ਸੁਖਬੀਰ ਬਾਦਲ

  • ਪੰਜਾਬ ਦੇ ਬਜਟ ਦੀ ਸੁਖਬੀਰ ਬਾਦਲ ਨੇ ਕੀਤੀ ਆਲੋਚਨਾ 
  • ਕਿਹਾ ਕਿ ਔਰਤਾਂ ਲਈ 1000 ਰੁਪਏ ਪ੍ਰਤੀ ਮਹੀਨਾ ਦਾ ਜ਼ਿਕਰ ਨਹੀਂ, ਬੁਢਾਪਾ ਪੈਨਸ਼ਨ ਵਿਚ ਕੋਈ ਵਾਧਾ ਨਹੀਂ, ਸਾਰੀਆਂ 22 ਫਸਲਾਂ ਐਮ ਐਸ ਪੀ ’ਤੇ ਖਰੀਦਣ ਲਈ ਕੋਈ ਫੰਡ ਨਹੀਂ ਰੱਖੇ ਤੇ ਨਾ ਹੀ ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਿਆਂਦੀ
  • ਕਿਹਾ ਕਿ ਪੂੰਜੀਗਤ ਖਰਚ ਲਈ ਸਿਰਫ 10 ਹਜ਼ਾਰ ਕਰੋੜ ਰੁਪਏ ਰੱਖੇ, ਮਤਲਬ ਵਿਕਾਸ ਲਈ ਕੋਈ ਪੈਸਾ ਨਹੀਂ
  • ਕਿਹਾ ਕਿ ਸਰਕਾਰ ਨੇ ਨਸ਼ਾ ਖ਼ਤਮ ਕਰਨ ਵਾਸਤੇ 2 ਸਾਲ ਦਾ ਸਮਾਂ ਹੋਰ ਰੱਖ ਕੇ ਆਪਣੀ ਨਾਕਾਮੀ ਸਵੀਕਾਰ ਕੀਤੀ

ਚੰਡੀਗੜ੍ਹ, 26 ਮਾਰਚ 2025 : ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ 2025-26 ਦੇ ਬਜਟ ਵਿਚ ਪੰਜਾਬੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਤੋਂ ਮੁਕਰ ਕੇ ਪੰਜਾਬੀਆਂ ਨਾਲ ਵੱਡਾ ਧੋਖਾ ਕੀਤਾ ਹੈ ਤੇ ਕਿਸਾਨਾਂ, ਔਰਤਾਂ, ਨੌਜਵਾਨਾਂ, ਵਪਾਰੀਆਂ, ਸਰਕਾਰੀ ਮੁਲਾਜ਼ਮਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਨਾਲ ਵਿਤਕਰਾ ਕੀਤਾ ਹੈ। ਉਹਨਾਂ ਕਿਹਾ ਕਿ ਬਜਟ ਵਿਚ ਪੂੰਜੀ ਖਰਚ ਲਈ ਕੋਈ ਪੈਸਾ ਨਹੀਂ ਰੱਖਿਆ ਗਿਆ ਤੇ ਸਿਰਫ 10 ਹਜ਼ਾਰ ਕਰੋੜ ਰੁਪਏ ਰੱਖੇ ਗਏ ਜਦੋਂ ਕਿ ਸੂਬੇ ਸਿਰ ਕਰਜ਼ਾ ਆਪ ਸਰਕਾਰ ਦੇ ਕਾਰਜਕਾਲ ਵੇਲੇ 1.54 ਕਰੋੜ ਰੁਪਏ ਵੱਧ ਕੇ 4.17 ਕਰੋੜ ਰੁਪਏ ਹੋ ਜਾਵੇਗਾ। ਉਹਨਾਂ ਕਿਹਾ ਕਿ ਇਸਦਾ ਮਤਲਬ ਹੈ ਕਿ ਵਿਕਾਸ ਵਾਸਤੇ ਕੋਈ ਫੰਡ ਨਹੀਂ ਹੋਵੇਗਾ ਤੇ ਸਿਰਫ ਸੋਸ਼ੇਬਾਜ਼ੀ ਹੀ ਹੈ ਤੇ ਠੋਸ ਕੁਝ ਨਹੀਂ ਹੈ। ਸੂਬਾ ਵਿਧਾਨ ਸਭਾ ਵਿਚ ਅੱਜ ਪੇਸ਼ ਕੀਤੇ ਬਜਟ ’ਤੇ ਪ੍ਰਤੀਕਰਮ ਦਿੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਦ ਦਾ ਵਾਅਦਾ ਪੂਰਾ ਕਰਨ ਵਾਸਤੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਬੇਰੋਜ਼ਗਾਰੀ ਭੱਤੇ ਸਮੇਤ ਨੌਜਵਾਨਾਂ ਵਾਸਤੇ ਕੁਝ ਵੀ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਕੀਤੇ ਵਾਅਦੇ ਮੁਤਾਬਕ ਬੁਢਾਪਾ ਪੈਨਸ਼ਨ ਵਧਾ ਕੇ 2500 ਰੁਪਏ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਖਰਚੇ ’ਤੇ ਸਾਰੀਆਂ 22 ਫਸਲਾਂ ’ਤੇ ਐਮ ਐਸ ਪੀ ਦੇਣ ਦੇ ਨਿੱਜੀ ਵਾਅਦੇ ਨੂੰ ਪੂਰਾ ਕਰਨ ਵਾਸਤੇ ਕੋਈ ਫੰਡ ਨਹੀਂ ਰੱਖਿਆ ਗਿਆ। ਸਰਕਾਰ ਨੇ ਬਿਜਲੀ ਪੈਦਾਵਾਰ ਵਧਾਉਣ ਵਾਸਤੇ ਕੋਈ ਯੋਜਨਾਬੰਦੀ ਨਹੀਂ ਕੀਤੀ ਤੇ ਕੋਈ ਨਵਾਂ ਥਰਮਲ ਪਲਾਂਟ ਲਾਉਣ ਵਾਸਤੇ ਕੋਈ ਫੰਡ ਨਹੀਂ ਰੱਖਿਆ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਰੌਲਾ ਰੱਪਾ ਪਾ ਕੇ ਮਾਲਵਾ ਨਹਿਰ ਉਸਾਰਣ ਦੀ ਗੱਲ ਕੀਤੀ ਸੀ ਪਰ ਬਜਟ ਵਿਚ ਇਸ ਵਾਸਤੇ ਫੁੱਟੀ ਕੌਡੀ ਵੀ ਨਹੀਂ ਰੱਖੀ ਗਈ। ਉਹਨਾਂ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਵਾਸਤੇ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿੱਤਾ ਗਿਆ ਪਰ ਸਕੀਮ ਲਾਗੂ ਕਰਨ ਵਾਸਤੇ ਕੋਈ ਫੰਡ ਨਹੀਂ ਰੱਖਿਆ ਗਿਆ ਤੇ ਸਰਕਾਰੀ ਮੁਲਾਜ਼ਮਾਂ ਦੀ ਪਿੱਠ ਵਿਚ ਛੁਰਾ ਮਾਰਿਆ ਗਿਆ ਹੈ। ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਨੇ  ਨਸ਼ਾ ਖਤਮ ਕਰਨ ਵਾਸਤੇ ਸਮਾਂ ਅਗਲੇ ਦੋ ਸਾਲ ਲਈ ਵਧਾ ਕੇ ਪੰਜਾਬੀਆਂ ਨਾਲ ਕੋਝਾ ਮਜ਼ਾਕ ਕੀਤਾ ਹੈ। ਉਹਨਾਂ ਕਿਹਾ ਕਿ ਅਜਿਹਾ ਕਰ ਕੇ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ ਕਿ ਉਹ ਨਸ਼ਿਆਂ ਨੂੰ ਨਕੇਲ ਪਾਉਣ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤੇ ਉਹਨਾਂ ਦੇ ਆਕਾ ਅਰਵਿੰਦ ਕੇਜਰੀਵਾਲ ਨੇ ਚਾਰ ਹਫਤਿਆਂ ਵਿਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਤੇ ਫਿਰ ਸਮਾਂ ਇਕ ਸਾਲ ਲਈ ਵਧਾ ਦਿੱਤਾ ਗਿਆ ਹੁਣ ਇਹ ਸਮਾਂ ਦੋ ਸਾਲ ਲਈ ਹੋਰ ਵਧਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਦਾ ਆਪ ਆਗੂਆਂ ਤੇ ਪੁਲਿਸ ਵਿਚਾਲੇ ਗੰਢਤੁੱਪ ਨੂੰ ਖ਼ਤਮ ਕਰਨ ਦਾ ਕੋਈ ਇਰਾਦਾ ਨਹੀਂ ਹੈ ਜਿਸ ਕਾਰਣ ਨਸ਼ਿਆਂ ਦਾ ਪਸਾਰ ਹੋਰ ਵੱਧ ਗਿਆ ਹੈ। ਸਰਦਾਰ ਬਾਦਲ ਨੇ ਵਿਸ਼ਵ ਪੱਧਰੀ ਸਿਹਤ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦੇ ਐਲਾਨ ਨੂੰ ਵੀ ਬੇਨਕਾਬ ਕੀਤਾ। ਉਹਨਾਂ ਕਿਹਾ ਕਿ ਆਪ ਸਰਕਾਰ ਨੇ 16 ਨਵੇਂ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਸੀ ਤੇ ਹੁਣ ਇਸਨੇ ਬਜਟ ਵਿਚ ਐਲਾਨ ਕੀਤਾ ਹੈ ਕਿ ਅਗਲੇ ਦੋ ਸਾਲਾਂ ਵਿਚ ਸੂਬੇ ਵਿਚ ਸਿਰਫ ਇਕ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ। ਉਹਨਾਂ ਕਿਹਾ ਕਿ ਇਸੇ ਤਰੀਕੇ ਸਰਕਾਰ ਸਿਹਤ ਵਿਭਾਗ ਵਿਚ ਖਾਲੀ ਪਈਆਂ ਅੱਧੀਆਂ ਤੋਂ ਵੱਧ ਆਸਾਮੀਆਂ ਭਰਨ ਵਾਸਤੇ ਫੰਡ ਰੱਖਣ ਵਿਚ ਵੀ ਨਾਕਾਮ ਰਹੀ ਹੈ।