ਪੰਜਾਬੀ ਪੱਤਰਕਾਰੀ ਦਾ ਇਤਿਹਾਸ


ਆਰ. ਜੀ. ਰਾਏਕੋਟੀ
ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਸਵਾ ਕੁ ਸੌ ਸਾਲ ਪਹਿਲਾਂ 19ਵੀਂ ਸਦੀ ਦੇ ਅਖੀਰਲੇ ਪੜਾਅ ਤੋਂ ਸ਼ੁਰੂ ਹੋਈ ਦੱਸੀ ਜਾਂਦੀ ਹੈ। ਉਸ ਸਮੇਂ ਛਪੇ ਪਰਚਿਆਂ ਦਾ ਸਬੰਧ ਧਰਮ ਪ੍ਰਚਾਰ ਨਾਲ ਹੀ ਹੁੰਦਾ ਸੀ ਤੇ ਜਿਸ ਨੂੰ ਸਭ ਤੋਂ ਪਹਿਲਾਂ ਪੰਜਾਬੀ ਦਾ ਅਖਬਾਰ ਕਿਹਾ ਗਿਆ ਉਸ ਦਾ ਉਦੇਸ਼ ਵੀ ਇਸਾਈ ਮੱਤ ਦਾ ਪ੍ਰਚਾਰ ਕਰਨਾ ਹੀ ਸੀ। ਉਨਵੀਂ ਸਦੀ ਦੇ ਅੱਧ ਵਿੱਚ 1855 ਨੇੜੇ ਲੁਧਿਆਣਾ ਮਿਸ਼ਨ ਵਾਲਿਆਂ ਨੇ ਇਸਾਈ ਮੱਤ ਦੇ ਪ੍ਰਚਾਰ ਲਈ ਇਹ ਅਖਬਾਰ ਕੱਢਿਆ ਸੀ, ਇਹ ਗੁਰਮੁਖੀ ਲਿੱਪੀ 'ਚ ਹਿੰਦੀ ਭਾਸ਼ੀ ਪਰਚਾ ਸੀ। ਫੇਰ 1867 ਵਿੱਚ ਸ੍ਰੀ ਅੰਮ੍ਰਿਤਸਰ ਤੋਂ 'ਸ੍ਰੀ ਦਰਬਾਰ ਸਾਹਿਬ' ਅਖਬਾਰ ਸ਼ੁਰੂ ਹੋਇਆ, ਮੁਨਸ਼ੀ ਹਰਿ ਨਰਾਇਣ ਤੇ ਫਿਰਾਇਆ ਲਾਲ ਇਸ ਦੇ ਸੰਪਾਦਕ ਸਨ। ਇਸ ਦੇ ਨੇੜੇ ਤੇੜੇ ਦੋ ਹੋਰ ਅਖਬਾਰ 'ਕਾਵਯ ਚੰਦ੍ਰੋਦਯ' ਅਤੇ 'ਸਕਿਥ ਸੰਬੋਧਨੀ' ਗੁਰਮੁਖੀ ਲਿੱਪੀ ਵਿੱਚ ਕੱਢੇ ਗਏ ਪ੍ਰੰਤੂ ਇਹਨਾਂ ਦੀ ਵੀ ਭਾਸ਼ਾ ਹਿੰਦੀ ਸੀ ਤੇ ਇਹਨਾਂ ਤਿੰਨਾਂ ਦਾ ਮੁੱਖ ਉਦੇਸ਼ ਹਿੰਦੂ ਧਰਮ ਦਾ ਪ੍ਰਚਾਰ ਕਰਨਾ ਸੀ। ਇਸ ਲਈ ਭਾਵੇਂ ਇਹ ਗੁਰਮੁਖੀ ਲਿੱਪੀ ਵਿੱਚ ਸਨ ਪ੍ਰੰਤੂ ਇਹਨਾਂ ਨੂੰ ਪੰਜਾਬੀ ਅਖਬਾਰ ਨਹੀਂ ਸਮਝਿਆ ਗਿਆ।
                           ਉਰੀਐਂਟਲ ਕਾਲਜ ਲਾਹੌਰ ਦੇ ਅਧਿਆਪਕ ਪ੍ਰੋ. ਗੁਰਮੁੱਖ ਸਿੰਘ ਦੀ ਸੰਪਾਦਨਾ ਹੇਠ 10 ਨਵੰਬਰ 1880 ਨੂੰ ਲਾਹੌਰ ਤੋਂ 'ਗੁਰਮੁਖੀ ਅਖਬਾਰ' ਦੇ ਨਾਂ ਨਾਲ ਲਿਥੋ ਪ੍ਰੈਸ (ਪੱਥਰ ਦੇ ਛਾਪੇ) 'ਤੇ ਛਪਣਾ ਸ਼ੁਰੂ ਹੋਇਆ। ਇਹ ਪਰਚਾ ਸਿੰਘ ਸਭਾ ਲਹਿਰ ਦਾ ਸਮਰਥਕ ਸੀ। ਇਹ ਅਖਬਾਰ 1888 ਤੱਕ ਚੱਲਿਆ। ਇਸ ਤੋਂ ਬਾਅਦ ਪ੍ਰੋ. ਗੁਰਮੁੱਖ ਸਿੰਘ ਨੇ 'ਖਾਲਸਾ ਪ੍ਰੈਸ' ਦੇ ਨਾਂ ਨਾਲ ਆਪਣਾ ਛਾਪਾਖਾਨਾ ਸ਼ੁਰੂ ਕੀਤਾ ਤੇ ਇਸ ਵਿੱਚ ਪੰਜਾਬੀ ਟਾਇਪ ਭਰਿਆ। 1893 ਤੋਂ ਪ੍ਰੋ. ਗੁਰਮੁੱਖ ਸਿੰਘ ਨੇ ਆਪਣੀ ਪ੍ਰੈਸ ਤੋਂ 'ਗੁਰਮੁਖੀ ਅਖਬਾਰ' ਫੇਰ ਛਾਪਣਾ ਸ਼ੁਰੂ ਕਰ ਦਿੱਤਾ। ਇਹਨਾਂ ਨੇ 1881 ਵਿੱਚ 'ਵਿਦਿਆਰਕ' ਤੇ 1886 ਵਿੱਚ 'ਸੁਧਾਰਕ' ਦੋ ਮਾਸਕ ਪੱਤਰ ਵੀ ਸ਼ੁਰੂ ਕੀਤੇ ਸਨ। ਇਹਨਾਂ ਨੇ 1886 ਵਿੱਚ ਲਾਹੌਰ ਤੋਂ ਹੀ ਇਕ ਹੋਰ ਅਖਬਾਰ 'ਖਾਲਸਾ ਅਖਬਾਰ' ਵੀ ਕੱਢਿਆ ਸੀ ਪੰ੍ਰਤੂ ਇਹ ਅਖਬਾਰ ਬਹੁਤਾ ਸਮਾਂ ਨਾ ਚੱਲ ਸਕੇ। ਪ੍ਰੰਤੂ ਅਸੀਂ ਲਾਹੌਰ ਨੂੰ ਪੰਜਾਬੀ ਪੱਤਰਕਾਰੀ ਦਾ ਜਨਮ ਸਥਾਨ ਤੇ ਪ੍ਰੋ. ਗੁਰਮੁੱਖ ਸਿੰਘ ਨੂੰ ਪੰਜਾਬੀ ਪੱਤਰਕਾਰੀ ਦਾ ਜਨਮ ਦਾਤਾ ਕਹਿ ਸਕਦੇ ਹਾਂ।
                    1906 ਵਿੱਚ ਤਰਨਤਾਰਨ ਤੋਂ 'ਦੁਖ ਨਿਵਾਰਨ' ਨਾਂ ਦਾ ਪਰਚਾ ਭਾਈ ਮੋਹਨ ਸਿੰਘ ਵੈਦ ਨੇ ਸ਼ੁਰੂ ਕੀਤਾ। ਆਪ ਕਿੱਤੇ ਵਜੋਂ ਹਕੀਮ, ਉੱਘੇ ਸਮਾਜ ਸੇਵੀ ਤੇ ਪੰਥਕ ਆਗੂ ਸਨ। ਆਪ 'ਦੁਖ ਨਿਵਾਰਨ' ਘਾਟਾ ਪਾ ਕੇ ਵੀ ਛਾਪਦੇ ਰਹੇ। ਇਸ ਤੋਂ ਬਾਅਦ ਇਹਨਾਂ ਦੇ ਸਪੁੱਤਰ ਗਿਆਨੀ ਸੁਖਬੀਰ ਸਿੰਘ ਵੈਦ ਨੇ ਪਰਚਾ ਚਾਲੂ ਰੱਖਿਆ। ਸਿੰਘ ਸਭਾ ਲਹਿਰ ਨੇ ਕਈ ਪੰਜਾਬੀ ਅਖਬਾਰਾਂ ਨੂੰ ਉਤਸ਼ਾਹਿਤ ਕੀਤਾ ਤੇ ਇਸ ਕਾਲ 1910-11 ਤੱਕ 12 ਪੰਜਾਬੀ ਦੇ ਪੱਤਰ ਛਪਣੇ ਸ਼ੁਰੂ ਹੋ ਗਏ ਸਨ ਪ੍ਰੰਤੂ ਇਹਨਾਂ ਵਿੱਚ ਰੋਜਾਨਾ ਅਖਬਾਰ ਕੋਈ ਵੀ ਨਹੀਂ ਸੀ। ਇਹਨਾਂ ਵਿੱਚ ਸਿੱਖ ਧਰਮ, ਇਸਤਰੀ ਵਿੱਦਿਆ ਤੇ ਵਹਿਮਾਂ-ਭਰਮਾਂ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਸੀ।
                    ਪੰਜਾਬੀ ਦਾ ਪਹਿਲਾ ਰੋਜਾਨਾਂ ਅਖਬਾਰ ਪ੍ਰਸਿੱਧ ਹਾਸਰਸ ਲੇਖਕ ਐਸ.ਐਸ. ਚਰਨ ਸਿੰਘ ਸ਼ਹੀਦ ਨੇ ਆਪਣੀ ਸੰਪਾਦਨਾ ਹੇਠ 4 ਦਸੰਬਰ 1914 ਨੂੰ ਸ਼ੁਰੂ ਕੀਤਾ। ਇਹ ਅਖਬਾਰ ਸਿਆਸੀ ਤੇ ਸਮਾਜੀ ਸਮੱਸਿਆਵਾਂ ਅਤੇ ਕੁਰੀਤੀਆਂ ਨੂੰ ਵੀ ਵਿਅੰਗਾਤਮਕ ਸ਼ੈਲੀ ਰਾਹੀਂ ਪੇਸ਼ ਕਰਦਾ ਸੀ। ਇਹ ਏਨਾ ਮਸ਼ਹੁਰ ਹੋਇਆ ਕਿ ਸੰਪਾਦਕ ਚਰਨ ਸਿੰਘ ਦਾ ਉੱਪਨਾਮ ਹੀ 'ਸ਼ਹੀਦ' ਹੋ ਗਿਆ। ਇਸ ਸਮੇਂ ਹਫਤਾਵਾਰੀ 'ਹਿੰਦੋਸਤਾਨ ਗਦਰ', 'ਪੰਥ ਸੇਵਕ', 'ਹੱਕ ਬੁਲੇਟਨ' ਤੇ ਮਾਸਕ 'ਫੁਲਵਾੜੀ', 'ਸੁਘੱੜ ਸਹੇਲੀ', 'ਚਕਿਤਸਾ ਦਰਸ਼ਨ' ਤੇ 'ਸੁੱਖਦਾਤਾ' ਛਪਣੇ ਸ਼ੁਰੂ ਹੋਏ। 1899 ਵਿੱਚ ਭਾਈ ਵੀਰ ਸਿੰਘ ਦੇ ਪਿਤਾ ਡਾ. ਚਰਨ ਸਿੰਘ ਨੇ ਅੰਮ੍ਰਿਤਸਰ ਤੋਂ 'ਖਾਲਸਾ ਸਮਾਚਾਰ' ਜਾਰੀ ਕੀਤਾ। ਅੰਮ੍ਰਿਤਸਰ ਤੋਂ ਵੀ ਕਈ ਪਰਚੇ ਸ਼ੁਰੂ ਹੋਏ ਤੇ ਜੇ ਕਰ ਅਸੀਂ ਲਾਹੌਰ ਨੂੰ ਪੰਜਾਬੀ ਪੱਤਰਕਾਰੀ ਦਾ ਜਨਮ ਅਸਥਾਨ ਮੰਨਦੇ ਹਾਂ ਪ੍ਰੰਤੂ ਅੰਮ੍ਰਿਤਸਰ ਵੀ ਪੰਜਾਬੀ ਪੱਤਰਕਾਰੀ ਦਾ ਇਕ ਮੋਢੀ ਕੇਂਦਰ ਰਿਹਾ। ਸਾਲ 1900 ਤੋਂ ਲੈ ਕੇ 1930 ਤੱਕ ਦੇ ਸਮੇਂ ਨੂੰ ਅਸੀਂ ਪੰਜਾਬੀ ਪੱਤਰਕਾਰੀ ਦੇ ਉੱਥਾਨ ਦਾ ਸਮਾਂ ਕਹਿ ਸਕਦੇ ਹਾਂ। ਇਹ ਸਮੇਂ ਦੀਆਂ ਕਈ ਮਹੱਤਵਪੂਰਨ ਘਟਨਾਵਾਂ ਨੇ ਵੀ ਪੰਜਾਬੀ ਪੱਤਰਕਾਰੀ ਨੂੰ ਉਭਰਨ ਦਾ ਮੌਕਾ ਦਿੱਤਾ। ਇਸ ਸਮੇਂ 'ਰੋਲਟ ਐਕਟ' ਵਿਰੋਧੀ ਲਹਿਰ ਨੇ ਜਲਿਂਆਂ ਵਾਲੇ ਬਾਗ ਦੇ ਸਾਕੇ ਨੂੰ ਜਨਮ ਦਿੱਤਾ। ਅਕਾਲੀ ਲਹਿਰ ਕਾਰਨ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਹੋਈ ਤੇ ਰੂਸ ਦੇ ਪ੍ਰਭਾਵ ਥੱਲੇ ਸਮਾਜਵਾਦੀ ਲਹਿਰ ਵੀ ਉਭੱਰੀ। ਇਹਨਾਂ ਲਹਿਰਾਂ ਨੇ ਲੋਕਾਂ ਵਿੱਚ ਸਰਕਾਰ ਵਿਰੋਧੀ ਭਾਵਨਾਵਾਂ ਨੂੰ ਉਭਾਰਿਆ ਜਿਸ ਦੇ ਫਲਸਰੂਪ ਲੋਕਾਂ ਦੀ ਜਾਣਕਾਰੀ ਪ੍ਰਤੀ ਜਗਿਆਸਾ ਵਧੀ ਤੇ ਪਾਠਕਾਂ ਵਿੱਚ ਵਾਧਾ ਹੋਇਆ।
                           ਹਿੰਦੋਸਤਾਨ ਤੋਂ ਬਾਹਰ ਪੰਜਾਬੀ ਵਿੱਚ ਨਿਕਲਣ ਵਾਲਾ ਪ੍ਰਮੁੱਖ ਰਸਾਲਾ 'ਹਿੰਦੋਸਤਾਨ ਗਦਰ' ਸੀ ਜਿਸ ਨੂੰ ਗ਼ਦਰ ਪਾਰਟੀ ਨੇ 1 ਨਵੰਬਰ 1913 ਨੂੰ ਹਫ਼ਤਾਵਾਰੀ ਪਰਚੇ ਦੋ ਤੌਰ 'ਤੇ ਸ਼ੁਰੂ ਕੀਤਾ ਸੀ। ਇਹ ਅਖ਼ਬਾਰ ਉਰਦੂ ਤੇ ਪੰਜਾਬੀ ਦੋ ਭਾਸ਼ਾਵਾਂ ਵਿੱਚ ਕਢਿਆ ਜਾਂਦਾ ਸੀ। ਇਹ ਹੱਥ ਨਾਲ ਛਾਪਣ ਵਾਲੀ ਮਸ਼ੀਨ ਤੇ ਛਾਪਿਆ ਜਾਂਦਾ ਸੀ। 19 ਵਰਿਆਂ ਦੀ ਉਮਰ ਵਿੱਚ ਗ਼ਦਰੀ ਕਰਤਾਰ ਸਿੰਘ ਸਰਾਭਾ ਪੰਜਾਬੀ ਮਜ਼ਮੂਨ ਵੀ ਤਿਆਰ ਕਰਦਾ ਸੀ ਤੇ ਮਸ਼ੀਨਾ ਚਲਾ ਕੇ ਛਪਾਈ ਦਾ ਕੰਮ ਵੀ ਕਰਦਾ ਸੀ। ਉੱਘੇ ਨੀਤੀਵਾਨ ਲਾਲ ਹਰਦਿਆਲ, ਮੌਲਵੀ ਬਰਕਤ ਉੱਲਾ ਤੇ ਭਗਵਾਨ ਸਿੰਘ ਪ੍ਰੀਤਮ ਵਰਗੀਆਂ ਹਸਤੀਆਂ ਇਸ ਨਾਲ ਜੁੜੀਆਂ ਹੋਈਆਂ ਸਨ। ਛਾਪਾ ਮਸ਼ੀਨ ਕੈਲੀਫੋਰਨੀਆ ਅਮਰੀਕਾ ਵਿੱਚ ਲਾਈ ਗਈ ਸੀ ਤੇ ਅਖ਼ਬਾਰ ਗਦਰ ਪਾਰਟੀ ਦੇ ਹੈਡਕੁਆਰਟਰ 'ਯੁਗਾਂਤਰ ਆਸ਼ਰਮ' ਸਨਫਰਾਂਸਿਸਕੋ ਤੋਂ ਕਢਿਆ ਜਾਂਦਾ ਸੀ। ਇਥੇ ਹੁਣ ਮੈਮੋਰੀਅਲ ਬਣਾਇਆ ਗਿਆ ਹੈ।  
                                   21 ਫਰਵਰੀ 1922 ਨੂੰ ਅੰਮ੍ਰਿਤਸਰ ਤੋਂ ਰੋਜਾਨਾ 'ਗੜਗੱਜ ਅਕਾਲੀ ਛਪਣਾ ਸ਼ੁਰੂ ਹੋਇਆ। 17 ਅਗਸਤ 1922 ਨੂੰ ਹੀ 'ਕੂਕਾ' ਲਾਹੌਰ ਤੋਂ ਪ੍ਰਕਾਸ਼ਿਤ ਹੋਇਆ। ਇਸ ਸਮੇਂ ਦੌਰਾਨ ਹੋਰ ਕਈ ਪਰਚੇ ਪ੍ਰਕਾਸ਼ਿਤ ਹੋਏ ਪੰ੍ਰਤੂ 'ਪੀਤਲੜੀ' ਦਾ ਵਰਨਣ ਜਰੂਰੀ ਹੈ, ਜਿਹੜੀ 1933 ਵਿੱਚ ਗੁਰਬਖ਼ਸ਼ ਸਿੰਘ ਨੇ ਜਾਰੀ ਕੀਤਾ। ਇਹ ਖਾਸਾ ਹਰਮਨ ਪਿਆਰਾ ਪਰਚਾ ਹੋਇਆ ਤੇ 1939 'ਚ ਛਿੜੀ ਦੂਜੀ ਵੱਡੀ ਜੰਗ ਵੇਲੇ ਇਸ ਨੇ ਹਿਟਲਰ ਦੀਆਂ ਜਿੱਤਾਂ ਦੀ ਭਰਪੂਰ ਨਿਖੇਧੀ ਕੀਤੀ। ਇਸ ਸੱਚ 'ਚ ਹੀ ਸਮਾਜਿਕ ਪੱਤਰ ਸੀ। ਜਮੀਅਤ ਸਿੰਘ, ਅਭੈ ਸਿੰਘ, ਪ੍ਰੀਤਮ ਸਿੰਘ ਚਾਹਲ, ਸੰਤੋਖ ਸਿੰਘ ਧੀਰ, ਸਮਸ਼ੇਰ ਸਿੰਘ ਸਰੋਜ, ਹਰਕ੍ਰਿਸ਼ਨ ਸਿੰਘ, ਸੁਰਜੀਤ ਸਿੰਘ ਸੇਠੀ, ਕਰਤਾਰ ਸਿੰਘ ਸਮਸ਼ੇਰ ਤੇ ਮਾਸਟਰ ਤਾਰਾ ਸਿੰਘ ਦਾ ਭਾਰਤ ਦੀ ਅਜਾਦੀ ਤੋਂ ਪਹਿਲਾਂ ਤੱਕ ਪੰਜਾਬੀ ਪੱਤਰਕਾਰੀ ਨੂੰ ਵੱਡਾ ਯੋਗਦਾਨ ਰਿਹਾ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ 'ਨਵਾਂ ਜਮਾਨਾ' ਤੇ ਮਾਰਕਸਵਾਦੀਆਂ ਦੇ ਲੋਕ ਲਹਿਰ ਨੇ ਵੀ ਸਮਾਜਵਾਦੀ ਲਹਿਰ ਦੇ ਪੱਖ ਨੂੰ ਲੋਕਾਂ 'ਚ ਰੱਖਣ ਲਈ ਮਹੱਤਵਪੂਰਨ ਰੋਲ ਨਿਭਾਇਆ। ਪਟਿਆਲਾ ਤੋਂ ਚੜਦੀਕਲਾ, ਨਵੀਂ ਸਵੇਰ, ਧੜੱਲੇਦਾਰ ਤੇ ਸੈਨਾਪਤੀ ਨੇ ਵੀ ਪੰਜਾਬੀ ਪੱਤਰਕਾਰੀ 'ਚ ਆਪਣਾ ਯੋਗਦਾਨ ਪਾਇਆ।
          ਅਜਾਦੀ ਤੋਂ ਬਾਅਦ ਪੰਜਾਬੀ ਪੱਤਰਕਾਰੀ ਵਿੱਚ 'ਅਜੀਤ' ਦਾ ਇਕ ਆਪਣਾ ਰੁਤਬਾ ਰਿਹਾ ਹੈ। 1941 ਵਿੱਚ ਸਪਤਾਹਕ ਦੇ ਤੌਰ 'ਤੇ ਲਾਹੌਰ ਤੋਂ ਸ਼ੁਰੂ ਹੋਇਆ 'ਅਜੀਤ' 1959 ਵਿੱਚ ਸਾਧੂ ਸਿੰਘ ਹਮਦਰਦ ਦੇ ਪ੍ਰਬੰਧ ਅਤੇ ਸੰਪਾਦਨਾ ਹੇਠ ਰੋਜਾਨਾ ਅਜੀਤ ਦੇ ਤੌਰ 'ਤੇ ਛਪਣ ਲੱਗਾ। ਇਸ ਅਖਬਾਰ ਰਾਹੀਂ ਪੰਜਾਬੀ ਪੱਤਰਕਾਰੀ ਨਵੇਂ ਰੰਗ ਰੂਪ ਵਿੱਚ ਲੋਕਾਂ ਸਾਹਮਣੇ ਆਈ। ਇਸ ਤੋਂ ਪਹਿਲਾ ਅਕਾਲੀ ਪੱਤ੍ਰਕਾ ਦਾ ਵੀ ਅਹਿਮ ਯੋਗਦਾਨ ਰਿਹਾ ਹੈ। ਮਾਸਟਰ ਸੁੰਦਰ ਸਿੰਘ ਲਾਇਲਪੁਰੀ ਇਸ ਦੇ ਬਾਨੀ ਸਨ। ਅਮਰ ਸਿੰਘ ਦੁਸਾਂਝ ਤੇ ਗਿਆਨੀ ਸ਼ਾਦੀ ਸਿੰਘ ਨੇ ਇਸ ਨੂੰ ਬਹੁਤ ਪ੍ਰਭੁਲਤ ਕੀਤਾ ਤੇ ਆਪਣੇ ਸਮੇਂ ਵਿੱਚ ਇਹ ਪੰਜਾਬੀ ਦਾ ਇਕ ਸਿਰਕੱਢ ਅਖਬਾਰ ਰਿਹਾ ਹੈ। ਅਗਸਤ 1978 ਵਿੱਚ ਜੱਗਬਾਣੀ ਨਾਂ ਦਾ ਅਖਬਾਰ ਸ਼ੁਰੂ ਹੋਇਆ, ਇਹ ਅਖਬਾਰ ਪੰਜਾਬ ਕੇਸਰੀ ਵਾਲੇ ਲਾਲਾ ਜਗਤ ਨਰਾਇਣ ਦੇ ਵਲੋਂ ਸ਼ੁਰੂ ਕੀਤਾ ਗਿਆ। ਇਹ ਆਰੀਆ ਸਮਾਜ ਦਾ ਸਮਰਥਕ ਅਖਬਾਰ ਹੈ। ਇਸੇ ਸਾਲ ਅੰਗਰੇਜੀ ਟ੍ਰਿਬਿਊਨ ਵਲੋਂ ਪੰਜਾਬੀ ਟ੍ਰਿਬਿਊਨ ਅਖਬਾਰ ਜਾਰੀ ਕੀਤਾ ਗਿਆ। ਬਰਜਿੰਦਰ ਸਿੰਘ ਹਮਦਰਦ ਇਸ ਤੇ ਸੰਸਥਾਪਕ ਸੰਪਾਦਕ ਬਣੇ ਤੇ ਇਹਨਾਂ ਨਾਲ ਹਰਭਜਨ ਹਲਵਾਰਵੀ ਤੇ ਜਗਜੀਤ ਸਿੰਘ ਬੀਰ ਨੇ ਸ਼ੁਰੂ ਤੋਂ ਕੰਮ ਕੀਤਾ। ਪੰਜਾਬੀ ਟ੍ਰਿਬਿਊਨ ਇਕ ਅਜੇਹਾ ਪਹਿਲਾ ਅਖਬਾਰ ਹੈ ਜਿਸ ਨੇ ਹਰ ਇਕ ਦਾ ਪੱਖ ਨਿਰਪੱਖਤਾ ਨਾਲ ਰੱਖਿਆ। ਇਸ ਤੋਂ ਇਲਾਵਾ ਅੱਜ ਦੀ ਅਵਾਜ, ਦੇਸ ਸੇਵਕ, ਪੰਜਾਬੀ ਜਾਗਰਣ ਤੇ ਸਪੋਕਸਮੈਨ ਦਾ ਆਪਣਾ ਪਾਠਕ ਵਰਗ ਹੈ।
                                      ਅੱਜ ਪੰਜਾਬੀ ਅਖਬਾਰਾਂ ਨੇ ਅਤਿ ਆਧੁਨਿਕ ਤਕਨੀਕ ਨੂੰ ਅਪਣਾ ਲਿਆ ਹੈ ਤੇ ਉਹ ਧਾਰਮਿਕ ਤੇ ਸਮਾਜਿਕ ਪੱਖਾਂ ਨੂੰ ਪਿੱਛੇ ਛੱਡਦੇ ਹੋਏ ਵਪਾਰਕ ਵੀ ਹੋ ਗਏ ਹਨ। ਅੱਜ ਪੰਜਾਬੀ ਅਖਬਾਰ ਦੁਨੀਆਂ ਦੇ ਹਰ ਰੰਗ ਵਿੱਚ ਰੰਗੇ ਹੋਏ ਹਨ,  ਵਪਾਰ, ਖੇਡਾਂ, ਮੰਨੋਰੰਜਨ, ਰਾਜਨੀਤੀ, ਧਰਮ ਸਮਾਜ ਦੇ ਹਰ ਰੰਗ ਨੂੰ ਪ੍ਰਮੁੱਖਤਾ ਨਾਲ ਛਾਪ ਕੇ ਹਰ ਵਰਗ ਦੀ ਪਸੰਦ ਨੂੰ ਪੂਰਾ ਕਰ ਰਹੇ ਹਨ। ਪ੍ਰੰਤੂ ਅੱਜ ਕੋਵਿਡ-19 ਨੇ ਇਹਨਾਂ ਦੀ ਪ੍ਰਫੁੱਲਤਾ 'ਤੇ ਇਕ ਵੱਡੀ ਸੱਟ ਮਾਰੀ ਹੈ ਤੇ ਕਈ ਅਖਬਾਰ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਹੇ ਹਨ। ਜਿਸ ਕਾਰਨ ਪੰਜਾਬੀ ਪੱਤਰਕਾਰੀ ਨੇ ਆਪਣਾ ਮੁੱਖ ਸੋਸਲ ਮੀਡੀਆ ਵੱਲ ਮੋੜ ਲਿਆ ਹੈ।