ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਮਗਰਲੇ ਦਿਨਾਂ ਵਿੱਚ ਇੱਕ ਦਿਨ ਬਾਬਾ ਬੁੱਢਾ ਜੀ ਤੋਂ ਗੁਰਗੱਦੀ ਦੀ ਰਸਮ ਅਦਾ ਕਰਵਾਈ । ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਆਪਣੇ ਅੰਗ ਲਗਾ ਕੇ ਲਹਿਣਾ ਜੀ ਦਾ ਨਵਾਂ ਨਾਂ “ਅੰਗਦ” ਰੱਖਿਆ । ਇਸ ਉਪਰੰਤ ਗੁਰੂ ਨਾਨਕ ਸਾਹਿਬ ਨੇ ਆਪਣੇ ਦੁਬਾਰਾ ਰਚੀ ਸਾਰੀ ਬਾਣੀ ਪੋਥੀਆਂ ਦੇ ਰੂਪ ਵਿੱਚ ਗੁਰੂ ਅੰਗਦ ਦੇਵ ਜੀ ਦੇ ਸਪੁਰਦ ਕਰ ਦਿੱਤੀ । ਮੌਕੇ ‘ਤੇ ਮੌਜੂਦ ਸਮੂਹ ਸੰਗਤ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਮੰਨ ਕੇ ਮੱਥਾ ਟੇਕਿਆ । ਪਰ ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਨੇ ਆਪਣੇ ਪਿਤਾ ਦੇ ਹੁਕਮਾਂ ਦੀ ਹੁਕਮ ਅਦੂਲੀ ਕਰਦਿਆਂ ਗੁਰੂ ਅੰਗਦ ਦੇਵ ਜੀ ਵੱਲ ਪਿੱਠ ਕਰਕੇ ਆਪਣੇ ਪਿਤਾ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ । ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਦੇ ਦੂਸਰੇ ਗੁਰੂ ਹੁੰਦੇ ਹੋਇਆਂ 1539 ਦਸਵੀਂ ਤੋਂ 1552 ਈਸਵੀ ਤੱਕ ਸਿੱਖ ਪੰਥ ਦੀ ਵਾਗ-ਡੋਰ ਸੰਭਾਲ਼ੀ । ਉਸ ਵਕਤ ਦੇਸ਼ ਵਿੱਚ ਮੁਗਲ ਹਾਕਮ ਹਿੰਮਾਂਯੂ ਦਾ ਰਾਜ ਸੀ । ਗੁਰੂ ਅੰਗਦ ਦੇਵ ਜੀ ਦੇ ਗੁਰੂ ਕਾਲ ਸਮੇ ਸਮਾਜ ਵਿੱਚ ਰਾਜਨੀਤਿਕ ਅਰਾਜਕਤਾ ਫੈਲੀ ਹੋਈ ਸੀ । ਆਪ ਜੀ ਦੇ ਗੁਰੂ ਕਾਲ ਸਮੇ ਅਸਲ ਮਾਅਨਿਆਂ ਵਿੱਚ ਸਿੱਖ ਧਰਮ ਹੋਂਦ ਵਿੱਚ ਆਇਆ, ਜਿਸਦੀ ਨੀਂਹ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ ਸੀ ਅਤੇ ਅੱਗੋਂ ਗੁਰੂ ਅੰਗਦ ਦੇਵ ਜੀ ਨੇ ਇਸਨੂੰ ਮਜ਼ਬੂਤ ਕੀਤਾ । ਆਪ ਜੀ ਨੇ ਗੁਰੂ ਨਾਨਕ ਸਾਹਿਬ ਦੀ ਮਰਿਯਾਦਾ ਨੂੰ ਅੱਗੇ ਵਧਾਉਂਦਿਆਂ ਗੁਰੂ ਘਰ ਦੀ ਕੀਰਤਨ ਪਰੰਪਰਾ ਨੂੰ ਸਥਾਪਿਤ ਕੀਤਾ । ਗੁਰੂ ਜੀ ਨੇ ਆਪਣੇ ਗੁਰੂ ਕਾਲ ਵਿੱਚ ਕਰਤਾਰਪੁਰ ਤੋਂ ਬਾਅਦ ਸਿੱਖੀ ਦੇ ਧੁਰੇ ਖੰਡੂਰ ਸਾਹਿਬ ਵਿਖੇ ਰਬਾਬੀ ਸ਼੍ਰੇਣੀ ਦੇ ਸੰਗੀਤਕਾਰਾਂ ਦੇ ਕੀਰਤਨ ਗਾਇਨ ਦੀ ਪ੍ਰਥਾ ਸ਼ੁਰੂ ਕੀਤੀ । ਆਪ ਨੇ ਭਾਈ ਮਰਦਾਨਾ ਜੀ ਤੋਂ ਬਾਅਦ ਭਾਈ ਸਜਾਦਾ (ਭਾਈ ਸ਼ਹਿਜ਼ਾਦਾ) ਅਤੇ ਰਾਇ ਬਲਵੰਡ ਜੀ ਨੂੰ ਵਡਿਆਈਆਂ ਬਖਸ਼ੀਆਂ । ਗੁਰੂ ਨਾਨਕ ਸਾਹਿਬ ਵੱਲੋਂ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਬਖ਼ਸ਼ਣ ਵੇਲੇ ਰਾਏ ਬਲਵੰਡ ਜੀ ਵੀ ਮੌਕੇ ‘ਤੇ ਵਿਸੇਸ਼ ਤੌਰ ਤੇ ਹਾਜ਼ਰ ਸਨ। ਅੰਗਦ ਦੇਵ ਜੀ ਨੇ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਹੋਰ ਇਤਿਹਾਸਿਕ ਗੁਰੂ ਘਰਾਂ ਵਿੱਚ ਗੁਰਮਤਿ ਸੰਗੀਤ ਦੀ ਬਾਣੀ ਦਾ ਰਾਗਾਂ ਵਿੱਚ ਕੀਰਤਨ ਗਾਇਨ ਕਰਨ ਦੀ ਪ੍ਰੰਪਰਾ ਚਾਲੂ ਕਰਵਾਈ ।
ਇਤਿਹਾਸ ਦੇ ਹਵਾਲਿਆਂ ਤੋਂ ਇਹ ਸਪਸ਼ਟ ਹੈ ਕਿ ਗੁਰੂ ਅੰਗਦ ਦੇਵ ਜੀ ਦੇ ਗੁਰੂ ਕਾਲ ਸਮੇ ਗੁਰੂ ਘਰਾਂ ਵਿੱਚ ਕੀਰਤਨੀਆਂ ਨੂੰ ਵਿਸ਼ੇਸ਼ ਸਰਪ੍ਰਸਤੀ ਨਾਲ ਨਿਵਾਜਿਆਂ ਗਿਆ । ਗੁਰੂ ਅੰਗਦ ਦੇਵ ਜੀ 25 ਮਾਰਚ 1552 ਈਸਵੀ ਨੂੰ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਬਖ਼ਸ਼ ਕੇ 29 ਮਾਰਚ 1552 ਈਸਵੀ ਨੂੰ ਜੋਤੀ-ਜੋਤ ਸਮਾ ਗਏ ।